ਅੰਤੜੀਆਂ ਦੇ ਕੈਂਸਰ ਬਾਰੇ

ਅੰਤੜੀ ਦਾ ਕੈਂਸਰ ਆਸਟ੍ਰੇਲੀਆ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਇਹ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬਿਨਾਂ ਕਿਸੇ ਲੱਛਣ ਦੇ ਵਿਕਸਤ ਹੋ ਸਕਦਾ ਹੈ।

ਜੇਕਰ ਇਸਦਾ ਪਤਾ ਜਲਦੀ ਲੱਗ ਜਾਂਦਾ ਹੈ, ਤਾਂ ਲਗਭਗ ਸਾਰੇ ਕੇਸਾਂ ਵਿੱਚ ਇਸਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ। ਹਰ ਦੋ ਸਾਲਾਂ ਵਿੱਚ, 50-74 ਸਾਲ ਦੀ ਉਮਰ ਦੇ ਲੋਕਾਂ ਨੂੰ ਅੰਤੜੀਆਂ ਦੇ ਕੈਂਸਰ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਇੱਕ ਸਧਾਰਨ, ਮੁਫਤ, ਘਰ ਵਿੱਚ ਕਰਨ ਵਾਲੀ, ਅੰਤੜੀਆਂ ਦੀ ਜਾਂਚ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

ਇਹ ਜ਼ਰੂਰੀ ਹੈ ਕਿ ਮਰਦ ਅਤੇ ਔਰਤਾਂ ਦੋਵੇਂ ਇਹ ਟੈਸਟ ਕਰਨ। ਇਹ ਤੁਹਾਡੀ ਜਾਨ ਬਚਾਅ ਸਕਦਾ ਹੈ।

ਤੁਹਾਨੂੰ ਟੈਸਟ ਕਿਉਂ ਕਰਨਾ ਚਾਹੀਦਾ ਹੈ

ਜੇਕਰ ਤੁਹਾਡੀ ਉਮਰ 50 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਅੰਤੜੀ ਦੇ ਕੈਂਸਰ ਹੋਣ ਦਾ ਵੱਧ ਖ਼ਤਰਾ ਹੈ। ਇਹ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਹੋਣ ਦੇ ਪਿਛੋਕੜ ਤੋਂ ਬਿਨਾਂ ਵੀ ਵਿਕਸਤ ਹੋ ਸਕਦਾ ਹੈ ਅਤੇ ਕੋਈ ਲੱਛਣ ਨਹੀਂ ਦਿਖਾਉਂਦਾ।

ਜੇਕਰ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਅੰਤੜੀਆਂ ਦੇ 90% ਕੈਂਸਰਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ। ਦੇਰੀ ਨਾ ਕਰੋ, ਅੱਜ ਹੀ ਆਪਣਾ ਮੁਫਤ ਟੈਸਟ ਕਰੋ!

ਅੰਤੜੀਆਂ ਨੂੰ ਚੈੱਕ ਕਰਨ ਦਾ ਮੁਫ਼ਤ ਟੈਸਟ

Bowel screening test kit envelope.

ਅੰਤੜੀਆਂ ਨੂੰ ਚੈੱਕ ਕਰਨ ਦਾ ਮੁਫ਼ਤ ਟੈਸਟ ਆਸਟ੍ਰੇਲੀਆ ਦੀ ਸਰਕਾਰ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਸਧਾਰਨ, ਮੁਫਤ ਅਤੇ ਘਰ ਵਿੱਚ ਕੀਤਾ ਜਾਂਦਾ ਹੈ।

ਜੇਕਰ ਤੁਹਾਡੀ ਉਮਰ 50 ਅਤੇ 74 ਸਾਲ ਦੇ ਵਿਚਕਾਰ ਹੈ, ਤਾਂ ਤੁਹਾਨੂੰ ਹਰ ਦੋ ਸਾਲਾਂ ਵਿੱਚ ਇੱਕ ਮੁਫਤ ਅੰਤੜੀਆਂ ਨੂੰ ਚੈੱਕ ਕਰਨ ਵਾਲਾ ਟੈਸਟ ਮਿਲੇਗਾ, ਜੋ ਉਸ ਪਤੇ 'ਤੇ ਭੇਜਿਆ ਜਾਵੇਗਾ ਜੋ ਤੁਸੀਂ ਮੈਡੀਕੇਅਰ ਨੂੰ ਦਿੱਤਾ ਹੈ।

ਜੇਕਰ ਤੁਹਾਨੂੰ ਆਪਣੀ ਕਿੱਟ ਪਹਿਲਾਂ ਹੀ ਮਿਲ ਚੁੱਕੀ ਹੈ, ਤਾਂ ਉਸਦੀ ਮਿਆਦ ਖਤਮ ਹੋਣ ਦੀ ਮਿਤੀ ਦੀ ਜਾਂਚ ਕਰੋ। ਜੇਕਰ ਤੁਹਾਡੀ ਟੈਸਟ ਕਿੱਟ ਦੀ ਮਿਆਦ ਖਤਮ ਹੋ ਗਈ ਹੈ, ਤੁਸੀਂ ਕਿੱਟ ਗੁਆ ਦਿੱਤੀ ਹੈ ਜਾਂ ਤੁਹਾਨੂੰ ਮਿਲੀ ਨਹੀਂ ਹੈ, ਤਾਂ ਤੁਸੀਂ ਇੱਥੇ (ਅੰਗਰੇਜ਼ੀ ਵਿੱਚ ਵੈੱਬਸਾਈਟ) ਦੁਬਾਰਾ ਆਰਡਰ ਕਰ ਸਕਦੇ ਹੋ ਜਾਂ 131 450 'ਤੇ ਟੈਲੀਫ਼ੋਨ ਦੁਭਾਸ਼ੀਆ ਸੇਵਾ (ਟੀ ਆਈ ਐਸ) ਨੂੰ ਫ਼ੋਨ ਕਰ ਸਕਦੇ ਹੋ।

ਜੇਕਰ ਤੁਹਾਡੀ ਉਮਰ 50 ਸਾਲ ਤੋਂ ਘੱਟ ਹੈ ਅਤੇ ਤੁਹਾਨੂੰ ਅੰਤੜੀ ਦੇ ਕੈਂਸਰ ਨਾਲ ਸੰਬੰਧਤ ਚਿੰਤਾਵਾਂ ਹਨ, ਤਾਂ ਫੌਰਨ ਆਪਣੇ ਡਾਕਟਰ ਨੂੰ ਮਿਲੋ।

ਅੰਤੜੀਆਂ ਦੇ ਕੈਂਸਰ ਦੇ ਲੱਛਣ

ਅੰਤੜੀ ਦਾ ਕੈਂਸਰ ਬਿਨਾਂ ਕਿਸੇ ਲੱਛਣਾਂ ਦੇ ਵਿਕਸਤ ਹੋ ਸਕਦਾ ਹੈ। ਪਰ ਅੰਤੜੀ ਦੇ ਕੈਂਸਰ ਵਾਲੇ ਬਹੁਤ ਸਾਰੇ ਲੋਕ ਕੁਝ ਅਸਾਰ ਜਾਂ ਲੱਛਣ ਦੇਖਦੇ ਹਨ। ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਤੁਹਾਡੀ ਟੱਟੀ ਜਾਂ ਟਾਇਲਟ ਬਾਊਲ (ਪਖਾਨੇ) ਵਿੱਚ ਖੂਨ
  • ਤੁਹਾਡੀ ਟੱਟੀ ਦੀਆਂ ਆਦਤਾਂ ਵਿੱਚ ਤਬਦੀਲੀ ਜੋ 3 ਹਫ਼ਤਿਆਂ ਤੋਂ ਵੱਧ ਸਮੇਂ ਲਈ ਦੂਰ ਨਹੀਂ ਹੁੰਦੀ ਹੈ। ਇਸ ਵਿੱਚ ਪਤਲੀ ਟੱਟੀ, ਗੰਭੀਰ ਕਬਜ਼ ਅਤੇ/ਜਾਂ ਜੇਕਰ ਤੁਹਾਨੂੰ ਆਮ ਨਾਲੋਂ ਜ਼ਿਆਦਾ ਵਾਰ ਟੱਟੀ ਕਰਨ ਦੀ ਲੋੜ ਪੈਂਦੀ ਹੈ ਸ਼ਾਮਲ ਹੋ ਸਕਦੇ ਹਨ
  • ਥਕਾਵਟ ਜਾਂ ਭਾਰ ਘਟਣ ਦੇ ਅਸਪਸ਼ਟ ਕਾਰਨ
  • ਢਿੱਡ ਦਰਦ

ਜੇਕਰ ਤੁਸੀਂ ਇਹਨਾਂ ਵਿੱਚੋਂ ਕੁੱਝ ਵੀ ਮਹਿਸੂਸ ਕਰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਫੌਰਨ ਆਪਣੇ ਡਾਕਟਰ ਨਾਲ ਗੱਲ ਕਰੋ।

ਤੁਹਾਡੇ ਜੋਖਮ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ

ਕੁਝ ਚੀਜ਼ਾਂ ਜੋ ਅੰਤੜੀਆਂ ਦੇ ਕੈਂਸਰ ਹੋਣ ਦੇ ਤੁਹਾਡੇ ਜੋਖਮ ਨੂੰ ਵਧਾ ਸਕਦੀਆਂ ਹਨ:

  • ਉਮਰ
  • ਪਰਿਵਾਰਕ ਇਤਿਹਾਸ
  • ਅੰਤੜੀ ਦੀ ਸੋਜ ਦੀ ਬਿਮਾਰੀ
  • ਮਾੜੀ ਖੁਰਾਕ
  • ਸਰੀਰਕ ਸਰਗਰਮੀ ਨਾ ਕਰਨਾ
  • ਸ਼ਰਾਬ
  • ਮੋਟਾਪਾ
  • ਸਿਗਰਟਨੋਸ਼ੀ

ਤੁਸੀਂ ਆਪਣੇ ਅੰਤੜੀਆਂ ਦੇ ਕੈਂਸਰ ਦੇ ਜੋਖਮ ਨੂੰ ਇਹਨਾਂ ਚੀਜ਼ਾਂ ਨਾਲ ਘਟਾ ਸਕਦੇ ਹੋ:

  • ਸਿਗਰਟਨੋਸ਼ੀ ਛੱਡਣਾ
  • ਸਰਗਰਮ ਹੋਣਾ
  • ਬਹੁਤ ਸਾਰੇ ਤਾਜ਼ੇ ਫਲ ਅਤੇ ਸਬਜ਼ੀਆਂ ਦੇ ਨਾਲ ਸਿਹਤਮੰਦ ਖੁਰਾਕ ਖਾਣਾ
  • ਲਾਲ ਅਤੇ ਪ੍ਰੋਸੈਸਡ ਮੀਟ (ਤਿਆਰ ਕੀਤੇ) ਖਾਣ ਨੂੰ ਘਟਾ ਕੇ
  • ਸ਼ਰਾਬ ਨੂੰ ਘਟਾ ਕੇ
  • ਸਿਹਤਮੰਦ ਸਰੀਰਕ ਭਾਰ ਬਣਾਈ ਰੱਖਣਾ

ਜੇ ਮੇਰੇ ਪਰਿਵਾਰਕ ਵਿੱਚ ਅੰਤੜੀ ਦੇ ਕੈਂਸਰ ਹੋਣ ਦਾ ਪਰਿਵਾਰਕ ਇਤਿਹਾਸ ਹੈ ਤਾਂ ਕੀ ਹੋਵੇਗਾ?

ਤੁਹਾਡੇ ਕੋਲ ਅੰਤੜੀਆਂ ਦੇ ਕੈਂਸਰ ਹੋਣ ਦਾ ਪਰਿਵਾਰਕ ਇਤਿਹਾਸ ਹੈ, ਜੇਕਰ:

  • ਇੱਕ ਨਜ਼ਦੀਕੀ ਰਿਸ਼ਤੇਦਾਰ (ਮਾਤਾ-ਪਿਤਾ, ਭਰਾ, ਭੈਣ ਜਾਂ ਬੱਚੇ) ਨੂੰ ਛੋਟੀ ਉਮਰ (55 ਸਾਲ ਤੋਂ ਘੱਟ) ਵਿੱਚ ਅੰਤੜੀ ਦਾ ਕੈਂਸਰ ਹੋਇਆ ਸੀ; ਜਾਂ
  • ਤੁਹਾਡੇ ਪਰਿਵਾਰ ਵਿੱਚ ਇੱਕ ਤੋਂ ਵੱਧ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਕਿਸੇ ਵੀ ਉਮਰ ਵਿੱਚ ਅੰਤੜੀਆਂ ਦਾ ਕੈਂਸਰ ਹੋਇਆ ਹੈ।

ਅੰਤੜੀਆਂ ਦੇ ਕੈਂਸਰ ਨਾਲ ਪੀੜਤ 75% ਤੋਂ ਵੱਧ ਲੋਕਾਂ ਵਿੱਚ ਬਿਮਾਰੀ ਦਾ ਪਰਿਵਾਰਕ ਇਤਿਹਾਸ ਨਹੀਂ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਪਰਿਵਾਰ ਵਿੱਚ ਅੰਤੜੀਆਂ ਦੇ ਕੈਂਸਰ ਹੋਣ ਦਾ ਪਰਿਵਾਰਕ ਇਤਿਹਾਸ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

ਹੋਰ ਜਾਣਕਾਰੀ ਲਈ, 131 450 'ਤੇ ਟੈਲੀਫੋਨ ਦੁਭਾਸ਼ੀਆ ਸੇਵਾ (ਟੀ ਆਈ ਐਸ) ਨੂੰ ਫ਼ੋਨ ਕਰੋ। ਹੋਰ ਸਹਾਇਤਾ ਲਈ, ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ।